Friday, 9 November 2012

ਕਦੇ ਵੀ, ਕਿਸੇ ਤਰ੍ਹਾਂ ਵੀ ਬਦਲ ਸੰਭਵ ਹੈ !

ਫਿਲਾਸਫੀਕਲ ਹਾਰ ਮਨਜ਼ੂਰ ਨਹੀਂ!
ਸਾਨੂੰ ਕਦੇ ਵੀ ਫਿਲਾਸਫੀਕਲ ਹਾਰ ਨਹੀਂ ਮੰਨਣੀ ਚਾਹੀਦੀ। ਫਿਰ ਚਾਹੇ ਹਾਲਾਤ ਕਿਸ ਵੀ ਤਰ੍ਹਾਂ ਦੇ ਹੋਣ, ਬਦਲ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮੈਂ ਇਸ ਧਾਰਨਾ ਦਾ ਬੰਦਾ ਹਾਂ, ਅਸੀਂ ਬਦਲ ਦਿੰਦੇ ਹਾਂ, ਲੋਕ ਹੁੰਗਾਰਾ ਬਣਦੇ ਹਨ...

ਉੁਦੋਂ ਮੈਂ ਸਰਵੇ ਕੀਤਾ ਕਿ ਬੰਦੂਕ ਦੀ ਗੋਲੀ ਨਾਲ ਮਰਨ ਨਾਲੋਂ ਵਧੇਰੇ ਲੋਕ ਖੁਦਕੁਸ਼ੀ ਨਾਲ ਮਰਨ ਲੱਗ ਪਏ ਹਨ। ਚੰਡੀਗੜ੍ਹ ਇੱਕ ਪੰਜਾਬੀ ਕਾਨਫਰੰਸ ਹੋਈ ਸੀ। ਮੈਂ ਜਗਜੀਤ ਸਿੰਘ ਆਨੰਦ ਹੁਰਾਂ ਨਾਲ ਇਹ ਗੱਲ ਕੀਤੀ। ਉਹ ਕਹਿੰਦੇ ਤੇਰੇ ਕੋਲ ਤੱਥ ਹੈ? ਇਸ ਗੱਲ ਦੀ ਪੁਸ਼ਟੀ ਕਿਵੇਂ ਕਰੇਂਗਾ। ਅਸੀਂ ਇਸ ਕੰਮ ਨੂੰ ਰੋਕਣ ਲਈ ਪ੍ਰੋਗਰਾਮ ਉਲੀਕਿਆ। ਬਹਿਸ ਹੋਈ ਕਿ ਇਸ ਪ੍ਰੋਗਰਾਮ ਨੂੰ ਸਲੋਗਨ ਕੀ ਦਿੱਤਾ ਜਾਵੇ। ਕੁੱਲ 42 ਲੋਕ ਉਸ ਮੀਟਿੰਗ ਵਿੱਚ ਸਨ। ਬਹਿਸ ਹੋਈ ਤੇ ਇਹ ਗੱਲ ਮੰਨ ਲਈ ਗਈ ਕਿ ਜਿੰਨਾ ਘਾਣ ਪੰਜਾਬ ਵਿੱਚ ਹੋ ਚੁੱਕਿਆ ਹੈ, ਕਿਸੇ ਮਾਂ ਨੇ ਸੰਘਰਸ਼ ਦੇ ਨਾਮ ਉੱਤੇ ਆਪਣੇ ਪੁੱਤ/ਧੀ ਨੂੰ ਸਾਡੇ ਨਾਲ ਨਹੀਂ ਤੋਰਨਾ। ਲੋਕ ਤ੍ਰਹਿ ਗਏ ਹਨ। ਦਹਿਸ਼ਤ ਉਹਨਾਂ ਦੇ ਮਨਾਂ ਉੱਤੇ ਭਾਰੂ ਹੈ। ਫਿਰ ਅਸੀਂ ਇਸ ਪ੍ਰੋਗਰਾਮ ਨੂੰ ਨਾਮ ਦਿੱਤਾ- ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ। ਅਤੇ ਨਾਅਰਾ ਦਿੱਤਾ- ਆਤਮ ਹੱਤਿਆ ਨਹੀਂ, ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।ਕਾਮਰੇਡ ਜਗਰੂਪ ਨੂੰ ਅਸੀਂ ਕਿਸੇ ਪਾਰਟੀ ਨਾਲ ਬੰਨ੍ਹਕੇ ਨਹੀਂ ਦੇਖਦੇ। ਉਹਨਾਂ ਨੂੰ ਇੱਕ ਫਲਸਫੇ ਦੇ ਅਧਿਆਪਕ ਵੱਜੋਂ ਜਾਂ ਇੱਕ ਚਿੰਤਕ ਵੱਜੋਂ ਵੱਧ ਦੇਖਦੇ ਹਾਂ। ਇਸ ਵਾਰ ਉਹ ਗ਼ਦਰੀ ਮੇਲੇ ਉੱਤੇ ਝੰਡੇ ਦੀ ਰਸਮ ਅਦਾ ਕਰ ਰਹੇ ਹਨ, ਇਸ ਕਰਕੇ ਉਹਨਾਂ ਦੀ ਸਮਝ ਦਾ ਕੁਝ ਹਿੱਸਾ ਪਾਠਕਾਂ ਦੇ ਰੂ-ਬਰੂ ਕਰ ਰਹੇ ਹਾਂ ....

ਕਾਮਰੇਡ ਜਗਰੂਪ ਨਾਲ ਮੁਲਾਕਾਤ ਦਾ ਸਬੱਬ ਬਹੁਤ ਸਾਰੇ ਵਿਚਾਰਕ ਭੰਬਲ-ਭੂਸਿਆਂ 'ਚੋਂ ਲੋਕਾਂ ਨੂੰ ਸਪਸ਼ਟਤਾ ਵੱਲ ਲੈ ਕੇ ਆਉਣਾ ਸੀ। ਇਹ ਨਹੀਂ ਹੈ ਕਿ ਉਹਨਾਂ ਦੇ ਵਿਚਾਰਾਂ ਨਾਲ ਸਹਿਮਤੀ ਹੀ ਜ਼ਰੂਰੀ ਹੈ, ਪ੍ਰੰਤੂ ਸਪਸ਼ਟਤਾ ਉਹਨਾਂ ਦੇ ਕੋਲ ਹੈ, ਉਹ ਖੋਜ ਵਿੱਚ ਲੱਗੇ ਹੋਏ ਹਨ। ਉਹਨਾਂ ਦੇ ਕਹਿਣ ਮੁਤਾਬਿਕ ਅਸੀਂ ਇੱਕ ਸਵਾਲਨਾਮਾ ਉਹਨਾਂ ਨੂੰ ਲਿਖ ਕੇ ਭੇਜ ਦਿੱਤਾ। ਇਹ ਕੁਝ ਇਸ ਤਰ੍ਹਾਂ ਦਾ ਸੀ-

ਕਾਮਰੇਡ ਜਗਰੂਪ ਹੁਰਾਂ ਨਾਲ ਗੱਲਾਂ
ਸਾਡੀ ਗੱਲਬਾਤ ਦਾ ਵਿਸ਼ਾ ਕੁਝ ਨੁਕਤਿਆਂ ਉੱਤੇ ਹੀ ਕੇਂਦਰਿਤ ਹੋਵੇਗਾ। ਇਹ ਨੁਕਤੇ ਗਲੋਬਲ ਇਕਾਨਮੀ ਨਾਲ, ਭਾਰਤੀ ਅਰਥ ਵਿਵਸਥਾ ਨਾਲ ਅਤੇ ਪੰਜਾਬ ਦੀ ਪੁਲੀਟੀਕਲ ਇਕਾਨਮੀ ਉੱਤੇ ਅਧਾਰਤ ਹੋਣਗੇ। ਇਹਨਾਂ ਵਿੱਚੋਂ ਹੀ ਕੁਝ ਹੋਰ ਨੁਕਤੇ ਸ਼ਖਾਵਾਂ ਵਾਂਗ ਨਿਕਲ ਸਕਦੇ ਹਨ। ਆਰਥਿਕਤਾ ਪਹਿਲ ਦੇ ਅਧਾਰ ਉੱਤੇ, ਦੂਸਰੇ ਨੁਕਤੇ ਸਿਆਸੀ ਤੇ ਸੱਭਿਆਚਾਰਕ ਸਟਡੀ ਨਾਲ ਜੁੜੇ ਹੋਣਗੇ। ਕੁਝ ਨੁਕਤੇ ਇਸ ਤਰ•ਾਂ ਹੋ ਸਕਦੇ ਹਨ-

ਕਾਮਰੇਡ ਜਗਰੂਪ ਹੁਰਾਂ ਨਾਲ ਗੱਲਾਂਸਾਡੀ ਗੱਲਬਾਤ ਦਾ ਵਿਸ਼ਾ ਕੁਝ ਨੁਕਤਿਆਂ ਉੱਤੇ ਹੀ ਕੇਂਦਰਿਤ ਹੋਵੇਗਾ। ਇਹ ਨੁਕਤੇ ਗਲੋਬਲ ਇਕਾਨਮੀ ਨਾਲ, ਭਾਰਤੀ ਅਰਥ ਵਿਵਸਥਾ ਨਾਲ ਅਤੇ ਪੰਜਾਬ ਦੀ ਪੁਲੀਟੀਕਲ ਇਕਾਨਮੀ ਉੱਤੇ ਅਧਾਰਤ ਹੋਣਗੇ। ਇਹਨਾਂ ਵਿੱਚੋਂ ਹੀ ਕੁਝ ਹੋਰ ਨੁਕਤੇ ਸ਼ਖਾਵਾਂ ਵਾਂਗ ਨਿਕਲ ਸਕਦੇ ਹਨ। ਆਰਥਿਕਤਾ ਪਹਿਲ ਦੇ ਅਧਾਰ ਉੱਤੇ, ਦੂਸਰੇ ਨੁਕਤੇ ਸਿਆਸੀ ਤੇ ਸੱਭਿਆਚਾਰਕ ਸਟਡੀ ਨਾਲ ਜੁੜੇ ਹੋਣਗੇ। ਕੁਝ ਨੁਕਤੇ ਇਸ ਤਰਂ ਹੋ ਸਕਦੇ ਹਨ-

 ਗਲੋਬਲ ਇਕਾਨਮੀ 1. ਵਿਸ਼ਵ ਅਰਥਚਾਰੇ ਦਾ ਮੌਜੂਦਾ ਰੂਪ ਅਤੇ ਵਿਹਾਰ ਕੀ ਹੈ?
2. ਇਹ ਕਿਸ ਤਰਾਂ ਅਪਰੇਟ ਕਰ ਰਿਹਾ ਹੈ?
3. ਭਾਰਤ ਸਮੇਤ ਤੀਸਰੀ ਦੁਨੀਆ ਉੱਪਰ ਕਿਹੋ ਜਿਹੇ ਪ੍ਰਭਾਵਾਂ ਦੀ ਸੰਭਾਵਨਾ ਹੈ?
4. ਪੰਜਾਬ ਨਾਲ ਇਸਦਾ ਰਿਸ਼ਤਾ ਵੀ ਡੀਫਾਈਨ ਕਰੋ।
* ਇਸੇ ਨਾਲ ਜੁੜਿਆ ਮਸਲਾ ਐੱਫ ਡੀ ਆਈ ਦਾ ਹੈ? ਇਸ ਬਾਰੇ ਨੁਕਤੇ ਸਾਂਝੇ ਕੀਤੇ ਜਾ ਸਕਦੇ ਹਨ-
1. ਐੱਫ ਡੀ ਆਈ ਹੈ ਕੀ?
2. ਪ੍ਰਚੂਨ ਅਤੇ ਕਿਸਾਨੀ ਉੱਤੇ ਕਿਹੋ-ਜਿਹੇ ਪ੍ਰਭਾਵ ਪੈਣਗੇ?
3. ਪੰਜਾਬ ਵਿੱਚ ਮਨਪ੍ਰੀਤ ਇਸਦੀ ਹਮਾਇਤ ਕਰ ਰਿਹਾ ਹੈ, ਕਾਮਰੇਡ ਵਿਰੋਧ ਕਰ ਰਹੇ ਹਨ। ਇਸ ਨੁਕਤੇ ਤੋਂ ਕਾਮਰੇਡਾਂ ਦਾ ਮਨਪ੍ਰੀਤ ਨਾਲ ਰਲੇਵਾਂ ਕਿਸ ਕਰਵਟ ਬੈਠਦਾ ਨਜ਼ਰ ਆ ਰਿਹਾ ਹੈ? ਜਾਂ ਤੁਸੀਂ ਇਸ ਸਾਂਝ ਨੂੰ ਇਸ ਨੁਕਤੇ ਤੋਂ ਕਿਵੇਂ ਲੈਂਦੇ ਹੋ?
4. ਗਲੋਬਲ ਇਕਾਨਮੀ ਨੇ ਜੋ ਸਮਾਜਿਕ-ਸੱਭਿਆਚਾਰਕ ਪ੍ਰਭਾਵ ਪਾਏ ਹਨ ਜਾਂ ਜੋ ਪ੍ਰਭਾਵ ਪੈਣਗੇ, ਤੁਸੀਂ ਉਹਨਾਂ ਨੂੰ ਕਿਵੇਂ ਲੈਂਦੇ ਹੋ? ਇਹਨਾਂ ਪ੍ਰਭਾਵਾਂ ਵਿੱਚ ਹੀ ਵਸਤ ਬਣ ਗਏ ਉਪਭੋਗੀ ਦੌਰ ਦੇ ਬੰਦੇ ਬਾਰੇ ਕੁਝ ਵਿਚਾਰ ਸਾਂਝੇ ਕਰੋ।
* ਭਾਰਤੀ ਰਾਜਨੀਤਿਕ ਅਰਥ ਸ਼ਾਸਤਰ1. ਨਹਿਰੂ ਦਾ ਪਬਲਿਕ ਸੈਕਟਰ/ਮਿਕਸਡ ਇਕਾਨਮੀ ਬਨਾਮ ਐਲ ਪੀ ਜੀ ( ਮਨਮੋਹਨ ਦੀਆਂ ਪਾਲਸੀਆਂ, ਨੂੰ ਤੁਸੀਂ ਕਿਵੇਂ ਦੇਖਦੇ ਹੋ?
2. ਇਸ ਸਾਰੇ ਦੇ ਬਦਲ ਵੱਜੋਂ ਮਾਰਕਸੀ ਨਜ਼ਰੀਏ ਤੋਂ ਤੁਹਾਡੇ ਕੋਲ ਕੋਈ ਵਿਕਲਪ ਹੈ? ਤੁਹਾਡਾ ਵਿਚਾਰਧਾਰਕ ਪੈਂਤੜਾ ਕੀ ਹੈ?
3. ਇਸੇ ਹੀ ਕੜੀ ਵਿੱਚ ਤੁਸੀਂ ਜਿਹਨਾਂ ਦੋ ਪੱਖਾਂ ਕਰਕੇ ਬਹੁਤ ਸਾਖ ਬਣਾਈ ਹੈ ਤੇ ਪਾਰਟੀ ਦਾ ਵਿਸਤਾਰ ਕੀਤਾ ਹੈ, ਉਹ ਰੋਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਤੇ ਮਨਰੇਗਾ ਦੇ ਮਜ਼ਦੂਰਾਂ ਵਿੱਚ ਕੰਮ ਹੈ। ਕੁਝ ਕੁ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਕੰਮ ਮਾਰਜਨਲਾਈਜ਼ਡ ਹੋ ਰਹੀਆਂ ਧਿਰਾਂ ਨੂੰ ਠੁੰਮਣਾ ਦੇਣਾ ਹੈ, ਜੋ ਮਾਰਕਸੀ ਨਜ਼ਰੀਏ ਤੋਂ ਸਹੀ ਨਹੀਂ। ਤੁਸੀਂ ਕਿਵੇਂ ਸੋਚਦੇ ਹੋ?
4. ਜੇਕਰ ਨਾਲ-ਨਾਲ ਤੁਸੀਂ ਇਹਨਾਂ ਹਾਸ਼ੀਆ ਤੇ ਧੱਕੀਆਂ ਜਾ ਰਹੀਆਂ ਧਿਰਾਂ ਨੂੰ ਚੇਤਨਾ ਦੇ ਰਾਹ ਵੀ ਪਾ ਰਹੇ ਹੋ, ਤਾਂ ਉਸਦਾ ਸਾਰਾ ਹਵਾਲਾ ਦੇ ਕੇ ਸਮਝਾਓ ਕਿ ਤੁਸੀਂ ਕਿਹੜੇ-ਕਿਹੜੇ ਕੈਂਪ ਲਾਉਂਦੇ ਹੋ ਤੇ ਸਟਡੀ ਦਾ ਅਧਾਰ ਕੀ ਰੱਖਦੇ ਹੋ?
* ਪੰਜਾਬ ਇਕਾਨਮੀ- ਇਸ ਨੁਕਤੇ ਨੂੰ ਸਿਆਸੀ ਪੈਂਤੜੇ ਨਾਲ ਵੀ ਜੋੜਨਾ ਚਾਹੁੰਦੇ ਹਾਂ, ਕਿਉਂਕਿ ਮੈਗਜ਼ੀਨ ਪੰਜਾਬੀਆਂ ਕੋਲ ਜਾਣੀ ਹੈ, ਇਸ ਲਈ ਪਾਰਟੀਆਂ ਦੇ ਸਿਆਸੀ ਪੈਂਤੜੇ ਤੇ ਪੰਜਾਬ ਦਾ ਭਵਿੱਖ ਸਾਡੀ ਚਿੰਤਾ ਦੇ ਵਿਸ਼ੇ ਹਨ।
1. ਅਕਾਲੀ ਦਲ ਅਤੇ ਕਾਂਗਰਸ ਦੀ ਸਿਆਸੀ ਸਮਝ ਜਾਂ ਸਿਆਸੀ ਪੈਂਤੜੇ ਫਿਉਡਲ ਸਿਆਸਤ ਵਾਲੇ ਹਨ। ਤੁਸੀਂ ਇਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ?
2. ਮਨਪ੍ਰੀਤ ਬਾਦਲ ਦੀ ਸੋਚ ਵੀ ਫਿਉਡਲ ਵਾਲੀ ਹੀ ਹੈ, ਉਸ ਨਾਲ ਕਮਿਉਨਿਸਟ ਧਿਰਾਂ ਨੂੰ ਰੀਡਿਫਾਈਨ ਕਰੋ।
3. ਪੰਜਾਬ ਦੀ ਇਕਾਨਮੀ ਨੂੰ ਕੀ ਖੇਤੀ ਪ੍ਰਧਾਨ ਇੰਡਸਟਰੀ ਬਚਾਅ ਸਕਦੀ ਹੈ? ਜਾਂ ਕਿਹੋ ਜਿਹੇ ਰਾਹ ਹਨ, ਜੋ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਦੇ ਹਨ। ਤੁਹਾਡੇ ਸੁਝਾਅ ਕੀ ਹਨ, ਮੰਗਾਂ ਕੀ ਹਨ ਅਤੇ ਸੰਭਾਵਨਾਵਾਂ ਕਿੱਥੇ ਪਈਆਂ ਹਨ?
4. ਪੰਜਾਬ ਕੋਲ ਰੋਜ਼ਗਾਰ ਦਾ ਅਲਟਰਨੇਟ ਕੀ ਹੈ? ਤੁਹਾਡਾ ਕੀ ਵਿਚਾਰ ਹੈ?
ਕੁਝ ਹੋਰ ਨੁਕਤੇ ਇਹਨਾਂ ਵਿੱਚੋਂ ਹੀ ਪੈਦਾ ਹੋ ਜਾਣਗੇ।

ਪਰੰਤੂ ਉਹਨਾ ਨਾਲ ਬੈਠਦਿਆਂ ਹੀ ਸਵਾਲਨਾਮਾ ਕਿਧਰੇ ਉੱਡ ਹੀ ਗਿਆ। ਗੱਲਾਂ ਤੁਰੀਆਂ ਤਾਂ ਸਾਡੀ ਅੱਜ ਦੀ ਪੀੜ੍ਹੀ ਦੇ ਵਿਹਾਰ, ਉਹਦੇ ਸਾਹਮਣੇ ਚੁਣੌਤੀਆਂ, ਉਸਦਾ ਸਮਕਾਲੀਨ ਸਮਾਜਿਕ, ਸੱਭਿਆਚਾਰਕ, ਸਿਆਸੀ ਦ੍ਰਿਸ਼ ਕੀ ਹੈ, ਇਸ ਬਾਰੇ ਗੱਲਾਂ ਤੁਰ ਪਈਆਂ। ਜਗਰੂਪ ਹੁਰਾਂ ਇਸਨੂੰ ਏਨੀ ਗਹਿਰਾਈ ਨਾਲ ਦੱਸਿਆ ਕਿ ਦ੍ਰਿਸ਼ ਦੀ ਸਮੇਂ ਦੀ ਭਿਆਨਕਤਾ ਦਾ ਅਹਿਸਾਸ ਹੋਇਆ।
ਜਗਰੂਪ- ਹਰ ਨਵੀਂ ਪੀੜ੍ਹੀ ਨੂੰ ਸਾਡੇ ਆਗੂਆਂ ਨੇ ਕੋਈ ਰਾਹ ਦਿਖਾਉਣਾ ਹੁੰਦਾ ਹੈ। ਆਗੂ ਦਾ ਮਤਲਬ (ਕਿਸੇ ਪਾਰਟੀ ਦਾ ਪ੍ਰਧਾਨ ਜਾਂ ਸਕੱਤਰ ਨਹੀਂ ਹੁੰਦਾ। ਆਗੂ ਸਮੇਂ ਦੀ ਚਾਲ ਨੂੰ ਫੜ ਰਿਹਾ ਹੁੰਦਾ ਹੈ। ਹੁਣ ਅੱਜ ਇੱਥੇ ਸਥਿਤੀ ਕੀ ਹੈ? ਸਾਡੇ ਕਲਚਰ ਦੇ ਜੋ ਸੋਰਸਿਜ਼ ਹਨ, ਉਹਨਾਂ ਨੂੰ ਕਿਵੇਂ ਬਿਲਡ ਕਰਨਾ ਹੈ, ਕਿਸੇ ਦੀ ਚਿੰਤਾ ਹੀ ਨਹੀਂ ਹੈ।
ਮੈਂ ਜਿਸ ਦਿਨ (ਅੱਤਵਾਦ ਦੇ ਦਿਨੀਂ) ਅਮੋਲਕ ਦਾ ਸੰਸਕਾਰ ਕਰਕੇ ਆਇਆ। ਸਾਡੇ ਘਰੇ ਬਲੈਕ ਐਂਡ ਵਾਈਟ ਟੀ.ਵੀ. ਸੀ। ਉਸਦੇ ਸੰਸਕਾਰ ਦੇ ਸਾਰੇ ਦ੍ਰਿਸ਼ ਟੀ.ਵੀ. ਉਪਰ ਦਿਖਾਏ ਗਏ। ਉਸਦੀ ਫੋਟੋ ਵੀ ਵਾਰ-ਵਾਰ ਦਿਖਾਈ ਗਈ। ਮੇਰੀ ਵੱਡੀ ਬੇਟੀ ਅਜੇ ਛੋਟੀ ਹੀ ਸੀ। ਮੈਨੂੰ ਪੁੱਛਣ ਲੱਗੀ, 'ਪਾਪਾ ਤੁਸੀਂ ਅੰਕਲ ਨੂੰ ਜਲਾ ਆਏ। ਉਹਨਾਂ ਹੁਣ ਆਪਣੇ ਘਰੇ ਕਦੇ ਨਹੀਂ ਆਉਣਾ?' ਹੁਣ ਉਸ ਬੱਚੀ ਲਈ ਮੇਰੇ ਕੋਲ ਕੀ ਜਵਾਬ ਸੀ? ਉਸਦੇ ਸਾਹਮਣੇ ਕਿਹੋ-ਜਿਹਾ ਭਵਿੱਖ ਸੀ? ਉਹਦੇ ਮਨ ਦਾ ਦਹਿਲ ਅਸੀਂ ਅੱਜ ਤੱਕ ਸਹਿਣ ਕਰ ਰਹੇ ਹਾਂ। ਛੋਟੀ ਦਾ ਵਿਹਾਰ ਤੇ ਉਸਦਾ ਵਿਹਾਰ ਅਲੱਗ-ਅਲੱਗ ਨੇ। ਇਸ ਪੀੜ੍ਹੀ ਕੋਲੋਂ ਤਾਂ ਅਸੀਂ ਜੰਮਣ ਤੋਂ ਪਹਿਲਾਂ ਹੀ ਸੁਪਨੇ ਖੋਹ ਲਏ।
ਹਰੇਕ ਚੀਜ਼ ਨੂੰ, ਆਗੂ ਨੂੰ, ਹਾਲਾਤ ਹੀ ਬਣਾਉਂਦੇ ਨੇ. ਮੈਂ ਜਿਹਨਾਂ ਵਰ੍ਹਿਆਂ 'ਚ ਕਾਲੇਜ ਜਾ ਰਿਹਾ ਸਾ। ਉਹਨਾਂ ਵਰ੍ਹਿਆਂ 'ਚ ਨਕਸਲੀ ਮਾਰੇ ਜਾ ਰਹੇ ਸਨ। ਇੱਕ ਮਿੱਤਰ ਬੰਤ ਸੀ ਰਾਜੇਆਣਾ ਦਾ। ਉਹ ਮਿਲਿਆ। ਉਸ ਕੋਲ ਸੋਵੀਅਤ ਯੂਨੀਅਨ ਦੇ ਇਤਿਹਾਸ ਦੀ ਕਿਤਾਬ ਸੀ। ਉਹ ਉਹਨਾਂ ਦਾ ਕਾਡਰ ਸੀ। ਉਸ ਨਾਲ ਬਹਿਸ ਹੋਈ। ਬਹਿਰ ਪਿੱਛੋਂ ਮੈਂ ਆਪ ਕਿਤਾਬਾਂ ਪੜ੍ਹੀਆਂ। ਸਵਾਲਾਂ ਦੇ ਜਵਾਬ ਲੱਭਣੇ ਸ਼ੁਰੂ ਕੀਤੇ। ਪਾਰਟੀ ਜਥੇਬੰਦੀ ਬਾਰੇ ਪੜ੍ਹਿਆ। ਫਿਰ ਸਵਾਲ ਜਵਾਬ। ਪੰਜਵੇਂ ਦਿਨ ਉਸ ਬੰਦੇ ਨੂੰ ਮਾਰ ਦਿੱਤਾ ਗਿਆ। ਮੈਂ ਫਿਰ ਇਸ ਸਿਧਾਂਤ ਕੰਨੀ ਤੁਰਿਆ। ਮੈਂ 1972 ਤੋਂ ਸਿਧਾਂਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ।
ਸਾਡਾ ਕਾਮਰੇਡ ਨਛੱਤਰ 1972 ਤੋਂ ਬਲਗਾਰੀਆ ਤੋਂ ਮੁੜ ਕੇ ਆਇਆ। ਬਲਗਾਰੀਆ, ਇਹਨਾਂ 34 ਮੁੰਡਿਆਂ ਦਾ ਗਰੁੱਪ ਸਿਧਾਂਤਕ ਸਟਡੀ ਲਈ ਗਿਆ ਸੀ। ਇਹ ਪੁਲੀਟੀਕਲ ਇਕਾਨਮੀ ਦੀ ਪੜ੍ਹਾਈ ਕਰਦੇ ਸਨ। ਵਧੀਆ ਗੱਲ ਹੈ ਕਿ ਉਦੋਂ ਨਛੱਤਰ ਉਹਨਾਂ ਸਾਰਿਆਂ ਮੁੰਡਿਆਂ ਵਿੱਚੋਂ ਫਸਟ ਰਿਹਾ ਸੀ। ਇਹਨੇ ਫਿਰ ਮੋਗੇ ਆ ਕੇ ਕੰਮ ਸ਼ੁਰੂ ਕੀਤਾ। ਬਹੁਤ ਗਹਿਰਾ ਕਾਮਾ ਸੀ। ਇਸੇ ਜਗ੍ਹਾ ਸ਼ਤੀਸ਼ ਲੂੰਬਾ ਦੀ ਯਾਦ ਵਿੱਚ ਭਵਨ ਬਣਾਇਆ। ਇਹ ਇਸ ਜਗ੍ਹਾ ਦੇ ਗੇਟ ਸਾਹਮਣੇ ਖੜ੍ਹਾ ਹੋ ਗਿਆ। ਲੋਕਾਂ ਨੂੰ ਕਿਹਾ ਕਿ ਭਵਨ ਬਣਾਉਣਾ ਹੈ, ਪੈਸੇ ਦਿਓ। ਉਸ ਵਕਤ 40,000 ਰੁਪਏ ਇੱਕੋ ਵੇਲੇ ਲੋਕਾਂ ਨੇ ਇਹਦੀ ਝੋਲੀ ਪਾ ਦਿੱਤੇ। ਫਿਰ ਹੋਰ ਫੰਡ ਇਕੱਠਾ ਕੀਤਾ। ਇਹ ਸਾਰਾ ਕੁਝ 74,000 ਰੁਪਏ 'ਚ ਖਰੀਦ ਕੇ ਭਵਨ ਬਣਾਇਆ। ਇੱਕ ਕਮਰੇ ਵਿੱਚ ਬਲੈਕ ਬੋਰਡ ਲਿਆਂਦਾ ਗਿਆ। ਮੈਨੂੰ ਉੱਥੇ ਫਲਸਫਾ ਪੜ੍ਹਾਉਣ ਲਾਇਆ ਤੇ ਆਪ ਪੋਲੀਟੀਕਲ ਇਕਾਨਮੀ ਪੜ੍ਹਾਉਂਦਾ ਰਿਹਾ। ਇਕ ਵੀ ਬੰਦਾ ਉਹਦੇ ਮੁਕਾਬਲੇ ਦਾ ਪਬਲਿਕ ਸਪੀਕਰ ਨਹੀਂ ਸੀ ਕੈਨੇਡੀਅਨ ਹੁਰਾਂ ਤੋਂ ਬਾਦ।
ਅਸੀਂ ਪਾਰਟੀ ਦੇ ਕੰਮ ਚੰਡੀਗੜ੍ਹ ਗਏ। ਮੈਂ ਤਾਂ ਉੱਥੇ ਰਹਿ ਗਿਆ। ਪਰ ਉਹ ਵਾਪਸ ਆ ਗਿਆ। ਇਹਨੂੰ ਰਾਤ ਨੂੰ ਗੋਲੀ ਮਾਰ ਦਿੱਤੀ ਗਈ। ਤੜਕਸਾਰ ਪਾਰਟੀ ਦਫਤਰ ਖਬਰ ਹੋ ਗਈ। ਮੈਂ ਬਾਥਰੂਪ ਵਿੱਚ ਸਾਂ। ਕਿਸੇ ਨੇ ਬਾਥਰੂਪਮ ਦਾ ਦਰਵਾਜ਼ਾ ਬੜੀ ਜ਼ੋਰ ਦੀ ਖੜਕਾਇਆ।  ਮੈਂ ਘਬਰਾ ਗਿਆ। ਦਰਵਾਜ਼ਾ ਖੋਲ੍ਹਿਆ ਤਾਂ ਖਬਰ ਮਿਲੀ ਕਿ ਨਛੱਤਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਮੈਂ ਦਹਿਲ ਗਿਆ। ਅੱਜ ਵੀ ਜੇਕਰ ਕੋਈ ਮੇਰਾ ਬਾਥਰੂਮ ਦਾ ਦਰਵਾਜ਼ਾ ਅਚਾਨਕ ਖੜਕਾ ਦੇਵੇ ਤਾਂ ਦਿਲ ਦਹਿਲ ਜਾਂਦਾ ਹੈ।
- ਬਾਦ ਵਿਚ ਤਾਂ ਮਾਹੌਲ ਇਹ ਹੋ ਗਿਆ ਕਿ ਬੰਦੂਕ ਖਾਮੋਸ਼, ਪਰ ਮੌਤ ਦਾ ਤਾਂਡਵ ਜਿਉਂ ਦਾ ਤਿਉਂ ਕਾਇਮ!
ਜਗਰੂਪ- ਹਾਂ, ਉਦੋਂ ਮੈਂ ਸਰਵੇ ਕੀਤਾ ਕਿ ਬੰਦੂਕ ਦੀ ਗੋਲੀ ਨਾਲ ਮਰਨ ਨਾਲੋਂ ਵਧੇਰੇ ਲੋਕ ਖੁਦਕੁਸ਼ੀ ਨਾਲ ਮਰਨ ਲੱਗ ਪਏ ਹਨ। ਚੰਡੀਗੜ੍ਹ ਇੱਕ ਪੰਜਾਬੀ ਕਾਨਫਰੰਸ ਹੋਈ ਸੀ। ਮੈਂ ਜਗਜੀਤ ਸਿੰਘ ਆਨੰਦ ਹੁਰਾਂ ਨਾਲ ਇਹ ਗੱਲ ਕੀਤੀ। ਉਹ ਕਹਿੰਦੇ ਤੇਰੇ ਕੋਲ ਤੱਥ ਹੈ? ਇਸ ਗੱਲ ਦੀ ਪੁਸ਼ਟੀ ਕਿਵੇਂ ਕਰੇਂਗਾ। ਅਸੀਂ ਇਸ ਕੰਮ ਨੂੰ ਰੋਕਣ ਲਈ ਪ੍ਰੋਗਰਾਮ ਉਲੀਕਿਆ। ਬਹਿਸ ਹੋਈ ਕਿ ਇਸ ਪ੍ਰੋਗਰਾਮ ਨੂੰ ਸਲੋਗਨ ਕੀ ਦਿੱਤਾ ਜਾਵੇ। ਕੁੱਲ 42 ਲੋਕ ਉਸ ਮੀਟਿੰਗ ਵਿੱਚ ਸਨ। ਬਹਿਸ ਹੋਈ ਤੇ ਇਹ ਗੱਲ ਮੰਨ ਲਈ ਗਈ ਕਿ ਜਿੰਨਾ ਘਾਣ ਪੰਜਾਬ ਵਿੱਚ ਹੋ ਚੁੱਕਿਆ ਹੈ, ਕਿਸੇ ਮਾਂ ਨੇ ਸੰਘਰਸ਼ ਦੇ ਨਾਮ ਉੱਤੇ ਆਪਣੇ ਪੁੱਤ/ਧੀ ਨੂੰ ਸਾਡੇ ਨਾਲ ਨਹੀਂ ਤੋਰਨਾ। ਲੋਕ ਤ੍ਰਹਿ ਗਏ ਹਨ। ਦਹਿਸ਼ਤ ਉਹਨਾਂ ਦੇ ਮਨਾਂ ਉੱਤੇ ਭਾਰੂ ਹੈ। ਫਿਰ ਅਸੀਂ ਇਸ ਪ੍ਰੋਗਰਾਮ ਨੂੰ ਨਾਮ ਦਿੱਤਾ- ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ। ਅਤੇ ਨਾਅਰਾ ਦਿੱਤਾ- ਆਤਮ ਹੱਤਿਆ ਨਹੀਂ, ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।
- ਕੋਈ ਕਲਾਤਮਕ ਪੱਖ ਵੀ ਨਾਲ ਲੈ ਰਹੇ ਸੀ? ਜਾਂ ਕੋਈ ਡਿਬੇਟ ਸੀ ਇਸ ਪਾਸੇ ਵੀ? ਉਦੋਂ ਭਾਜੀ ਗੁਰਸ਼ਰਨ ਸਿੰਘ ਨਾਟਕ ਰਾਹੀਂ ਕੁਝ ਕਹਿ ਰਹੇ ਸਨ। ਤੁਸੀਂ ਕਿਵੇਂ ਲੈਂਦੇ ਸੀ?
ਜਗਰੂਪ- ਹੁਣ ਭਾਜੀ ਗੁਰਸ਼ਰਨ ਨਹੀਂ ਰਹੇ। ਕੋਈ ਕਿਸੇ ਵੀ ਤਰੀਕੇ ਇਸ ਗੱਲ ਨੂੰ ਲੈ ਸਕਦਾ ਹੈ। ਮੈਂ ਉਹਨਾਂ ਨੂੰ ਕਹਿੰਦਾ ਰਿਹਾਂ ਕਿ ਭਾਜੀ ਤੁਸੀਂ ਇਹ ਕੀ ਕਰ ਰਹੇ ਹੋ? ਇਹ ਕੰਮ ਤਾਂ ਸਟੇਟ ਦਾ ਹੈ। ਉਹਨਾਂ ਦਾ ਇੱਕ ਨਾਟਕ ਸੀ 'ਵਿਕਲਪ' ਉਸ ਨਾਟਕ ਵਿੱਚ ਬੇਰੋਜ਼ਗਾਰ ਨੌਜਵਾਨ ਹੈ। ਡਿਗਰੀਆਂ ਹਨ ਉਸ ਕੋਲ। ਉਹ ਜਗ੍ਹਾ-ਜਗ੍ਹਾ ਭਟਕ ਰਿਹਾ ਹੈ। ਅਫਸਰ ਉਸਨੂੰ ਮਾਰ ਰਹੇ ਹਨ। ਦਰਸ਼ਕ ਉਸਦੇ ਕੁੱਟ ਖਾਣ ਉੱਤੇ ਤਾੜੀਆਂ ਮਾਰ-ਮਾਰ ਹੱਸ ਰਹੇ ਹਨ। ਮੈਨੂੰ ਇਹ ਜਚਿਆ ਨਹੀਂ। ਭਾਜੀ ਕਹਿੰਦੇ ਕਿ ਜਿਹੜਾ ਸਿਆਣਾ ਪਾਤਰ ਹੈ, ਉਹ ਤਾਂ ਖਾਮੋਸ਼ ਹੈ। ਉਹ ਤਾਂ ਬੋਲਦਾ ਹੀ ਨਹੀਂ।
ਮੈਂ ਤਾਂ ਇਹ ਸਵਾਲ ਵੀ ਸਾਹਿਤਕਾਰਾਂ ਅੱਗੇ ਰੱਖਦਾ ਰਿਹਾ ਹਾਂ ਕਿ ਸਾਡਾ ਸੱਭ ਤੋਂ ਸਿਆਣੀਆਂ ਗੱਲਾਂ ਕਰਨ ਵਾਲਾ ਪਾਤਰ ਪਾਗਲ ਹੀ ਕਿਉਂ ਹੁੰਦਾ ਹੈ? ਮੈਂ ਕੋਈ ਨਾਟਕਕਾਰ ਨਹੀਂ। ਪਰ ਮੈਨੂੰ 'ਫੈਸਲਾ' ਨਾਟਕ ਲੈ ਕੇ ਆਉਣਾ ਪਿਆ, ਜਿਸਦੇ ਇੱਕ ਪਾਤਰ ਦਾ ਨਾਂਅ 'ਅਕਲ' ਰੱਖਿਆ ਤੇ ਇੱਕ ਦਾ ਨਾਂਅ 'ਜ਼ਿੰਦਗੀ' ਰੱਖਣਾ ਪਿਆ। ਮੈਂ ਇਸ ਫੀਲਡ ਦਾ ਬੰਦਾ ਨਹੀਂ, ਪਰ ਮੈਨੂੰ ਕਹਿਣਾ ਪਿਆ। ਪਰ ਉਹ ਗੱਲ ਨਹੀਂ ਕਦੇ ਉੱਤਰ ਸਕੀ। ਫਿਰ ਵੀ ਮੇਰੀ ਇਹ ਧਾਰਨਾ ਹੈ ਕਿ ਮੈਨੂੰ ਕਦੇ ਵੀ ਫਿਲਾਸਫੀਕਲ ਹਾਰ ਨਹੀਂ ਮੰਨਣੀ ਚਾਹੀਦੀ। ਜੇ ਤੁਸੀਂ ਹਾਰ ਨਹੀਂ ਮੰਨਦੇ ਤਾਂ ਕੋਈ ਨਾ ਕੋਈ ਬਦਲ ਤਾਂ ਜ਼ਰੂਰ ਦਿੱਤਾ ਜਾ ਸਕੇਗਾ।  ਜੇਕਰ ਅਸੀਂ ਫਿਲਾਸਫੀਕਲ ਸਾਉਂਡ ਹਾਂ ਤੇ ਸਮਝਦੇ ਹਾਂ ਕਿ ਆਹ ਕਰਨਾ ਹੈ, ਤਾਂ ਕੁਝ ਵੀ ਕੀਤਾ ਜਾ ਸਕਦਾ ਹੈ।

- ਪਰ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਕੁਝ ਲੋਕ ਇਸ ਨਵੀਂ ਪੀੜ੍ਹੀ ਨੂੰ ਸਿਧਾਂਤਹੀਣ ਜਾਂ ਹੋਰ ਪਤਾ ਨਹੀਂ ਕੀ-ਕੀ ਕਹਿੰਦੀ ਹੈ। ਫਿਰ ਪੀੜ੍ਹੀ ਦਾ ਕਸੂਰ ਤਾਂ ਮੈਨੂੰ ਨਜ਼ਰ ਨਹੀਂ ਆ ਰਿਹਾ। ਉਹਨਾਂ ਨੂੰ ਹਾਲਾਤ ਹੀ ਅਜਿਹੇ ਮਿਲੇ ਕਿ ਕੋਈ ਸਿਆਸੀ ਲਹਿਰ ਨਹੀਂ, ਕੋਈ ਸਮਾਜਿਕ/ਸੱਭਿਆਚਾਰਕ/ਸਾਹਿਤਕ ਲਹਿਰ ਨਹੀਂ। ਕੋਈ ਕੁਝ ਨਹੀਂ। ਉਹ ਕਿੱਥੋਂ ਇਸ ਖਾਮੋਸ਼ੀ 'ਚੋਂ ਰਾਹ ਭਾਲਣਗੇ?
ਜਗਰੂਪ- ਜਦੋਂ ਮਾਰਕਸ ਪਦਾਰਥਵਾਦੀ ਵਿਰੋਧ ਵਿਕਾਸੀ ਨਜ਼ਰੀਏ 'ਤੇ ਪਹੁੰਚ ਗਿਆ... ਤਾਂ ਉਹਨਾਂ ਕਿਹਾ ਸੀ, 'ਜਦੋਂ ਆਦਮੀ ਦੀ ਸੋਚ ਦਾ ਚਲਨ ਪਦਾਰਥਕ ਹਾਲਤਾਂ ਬਣਾਉਂਦੀਆਂ ਹਨ ਤਾਂ ਫਿਰ ਚੋਰੀ ਦੀ ਸਜ਼ਾ ਚੋਰ ਨੂੰ ਦੇਣ ਤੋਂ ਪਹਿਲਾਂ ਉਹਨਾਂ ਹਾਲਤਾਂ ਨੂੰ ਕਿਉਂ ਨਾ ਦਿੱਤੀ ਜਾਵੇ...?'
ਜਦੋਂ ਕੋਈ ਸੋਸਾਇਟੀ ਵਿਕਾਸ ਕਰਦੀ ਹੈ ਤਾਂ ਇੱਕ ਕਰੈਕਟਰ ਬਿਲਡ ਹੁੰਦਾ ਹੈ। ਪਰ ਜਦੋਂ ਨਿਘਾਰ ਸ਼ੁਰੂ ਹੁੰਦਾ ਹੈ.. ਕੋਈ ਕੰਮ ਨਹੀਂ ਜਾਂ ਕੰਮ ਦੇ ਪੈਸੇ ਨਹੀਂ, ਤਾਂ ਮਨੁੱਖ ਦਾ ਕਰੈਕਟਰ ਨਿਘਾਰ ਵੱਲ ਜਾਂਦਾ ਹੈ। ਜਦੋ ਵਿਕਾਸ ਹੁੰਦਾ ਹੈ ਤਾਂ ਸਿਖਰ ਦਾ ਪਰਲਾ ਸਿਰਾ ਅਤੇ ਜਦੋਂ ਨਿਘਾਰ ਹੁੰਦਾ ਹੈ, ਤਾਂ ਨਿਵਾਣ ਦਾ ਪਰਲਾ ਸਿਰਾ।
ਹੁਣ ਸਾਡੀ ਸਮੱਸਿਆ ਕੀ ਹੈ? ਜੇ ਤੁਸੀਂ ਭਾਰਤ 'ਚ ਐਲਪੀਜੀ (ਲਿਬਰੇਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬੇਲਾਈਜੇਸ਼ਨ) ਨਾਲ ਜੋੜੋਗੇ, ਤਾਂ ਇਕਨਾਮਿਕ ਸਿਚੂਏਸ਼ਨ ਹੈ, ਉਸਨੂੰ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮਾਰਕਸ ਨੇ ਤਾ ਮੈਨੀਫੈਸਟੋ 'ਚ ਹੀ ਇਹ ਲਿਖ ਦਿੱਤਾ ਸੀ ਕਿ ਮੰਡੀ ਦਾ ਸੰਸਾਰੀਕਰਣ ਹੋ ਗਿਆ ਹੈ। ਪਰ ਮਾਰਕਸ ਦੇ ਆਪਣੇ ਜ਼ਮਾਨੇ 'ਚ ਮਨਾਪਲੀ ਦੀ ਗੱਲ ਹੈ। ਉਹ ਉਹਦੇ ਸਿਧਾਂਤ ਦੇ ਵੇਲੇ 'ਚ ਹੀ ਆ ਗਈ ਸੀ। ਪਰ ਉਹ ਉਸ ਦੌਰਾਨ ਸਿਰਫ 13 ਸਾਲ ਜਿਉਂਦੇ ਰਹੇ। ਜਿਹਨਾਂ ਲੋਕਾਂ ਨੂੰ ਮਾਰਕਸ ਦੀ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਇਨਕਲਾਬ ਇੰਗਲੈਡ 'ਚ ਕਿਉਂ ਨਹੀਂ ਵਾਪਰਿਆ, ਉਹ ਇਹ ਭੁੱਲ ਜਾਂਦੇ ਹਨ ਕਿ ਇਹਨੇ ਮਨਾਪਲੀ ਤੋਂ ਅਗਾਂਹ ਨਿਕਲਣ ਲਈ ਬਸਤੀਵਾਦ ਰਾਹੀਂ ਲੁੱਟਿਆ ਤੇ ਨਵੇਂ ਯੁੱਗ 'ਚ ਮੁਕਾਬਲਾ ਕਰਨ ਲਈ ਉਹ ਸਾਮਰਾਜ 'ਚ ਕਨਵਰਟ ਹੋ ਗਿਆ। ਬਸਤੀਵਾਦ ਤੇ ਸਾਮਰਾਜਵਾਦ ਦਾ ਵਖਰੇਵਾਂ ਸਾਨੂੰ ਸਮਝਣਾ ਚਾਹੀਦਾ ਹੈ। ਉਸਨੇ ਆਪਣੇ ਦੌਰ 'ਚ ਵਾਧੂ ਕਿਰਤ ਨੂੰ ਬਸਤੀਆਂ 'ਚ ਵੀ ਭੇਜਿਆ ਤੇ ਕਈ ਜਗ੍ਹਾ ਹੋਰ ਵੀ।... ਫਿਰ ਜਰਮਨੀ ਸੀ ਜਿਸ ਕੋਲ ਬਸਤੀ ਨਹੀਂ ਸੀ। ਉਸਨੂੰ ਮਾਲ ਵੇਚਣ ਲਈ ਬਸਤੀ ਵੜਨ ਨਹੀਂ ਦਿੰਦੀ ਸੀ। ਨਤੀਜਾ, ਜਾਂ ਜਰਮਨ 'ਚ ਕਲਾਸ ਰੈਵੋਲੂਸ਼ਨ ਜਾਂ ਉਹ ਮੰਡੀਆਂ 'ਚੋਂ ਹਿੱਸਾ ਮੰਗੇਗਾ। ਜਿਸ ਕਾਰਣ ਟਕਰਾਅ ਜੋ ਸੀ, ਉਹ ਜੰਗ ਵੱਲ ਵੱਧ ਰਿਹਾ ਸੀ। ਪਹਿਲੀ ਸੰਸਾਰ ਜੰਗ ਦੌਰਾਨ ਹੀ ਰੂਸ 'ਚ ਇਨਕਲਾਬ ਵਾਪਰ ਗਿਆ ਤਾਂ ਲੈਨਿਨ ਨੇ ਇੱਕ ਗੱਲ ਕਹੀ ਸੀ ਕਿ ਜੇ ਜਰਮਨੀ ਨੇ ਰੈਵੋਲੂਸ਼ਨ ਨਾ ਕੀਤਾ ਤਾਂ ਫੇਰ ਜੰਗ ਹੋਵੇਗੀ।
ਇਹ ਦੋ ਸੰਸਾਰ ਜੰਗਾਂ ਜੋ ਹਨ, ਸਾਮਰਾਜੀ ਜੰਗਾਂ ਹਨ। ਇਹਨਾਂ ਦੌਰਾਨ ਦੋ ਮਾਡਲਾਂ ਦਾ ਟਕਰਾਅ ਹੈ। ਦੋਵਾਂ ਦੀ ਹੋਣੀ ਬੜੀ ਅਜੀਬ ਹੈ। ਜਿਹੜਾ ਅਮਰੀਕੀ ਇਕਾਨਮੀ ਦੀ ਵਕਾਲਤ ਕਰ ਰਿਹਾ ਸੀ, ਉਹ ਕੇਨਜ਼ ਸੀ। ਦੂਜੇ ਪਾਸੇ ਪਾਲਸੀ ਸੀ, ਉਹ ਅਮਰੀਕਨ ਤਰਜ਼ ਦਾ ਸੀ। ਉੱਥੇ ਇੱਕ ਨਵੇਂ ਮਾਡਲ, ਕਿ ਜੰਗ ਰੋਕੀਏ, ਨਵਾਂ ਰਾਹ ਲੱਭੀਏ ਇਸਦੀ ਗੱਲ ਚੱਲੀ। ਇੱਕ ਨਵਾਂ ਪ੍ਰੋਗਰਾਮ ਉਲੀਕਿਆ ਕਿ ਇਹ ਸਾਰਾ ਕੁਝ ਸਾਡੀਆਂ ਕੰਪਨੀਆਂ ਮਿਲ ਕੇ ਕਿਉਂ ਨਹੀਂ ਕਰ ਲੈਂਦੀਆਂ। ਇਸ ਤੋਂ ਫਿਰ ਐਮ ਐਨ ਸੀ (ਮਲਟੀ ਨੈਸ਼ਨਲ ਕਾਰਪੋਰੇਸ਼ਨਜ਼) ਸਾਹਮਣੇ ਆਈਆਂ।
ਹੁਣ ਫਿਰ ਉਹੀ ਇਕਨਾਮਿਕ ਸੂਤਰ... ਜਿਹੜਾ ਲਾਗਤ ਘੱਟ ਕਰ ਲਵੇਗਾ, ਉਹ ਦੂਜੇ ਤੋਂ ਮੰਡੀ ਖੋਹ ਲਵੇਗਾ। ਫਿਰ ਇਸੇ ਦੌੜ 'ਚ ਐਮ ਐਨ ਸੀ ਨੇ ਰਿਸਰਚ ਕਰਕੇ, ਤਰੱਕੀ ਕਰਕੇ, ਤਕਨੀਕ 'ਚ ਕ੍ਰਾਂਤੀ ਲਿਆ ਕੇ ਐਸ ਟੀ ਆਰ ਕਰ ਦਿੱਤਾ। ਇਹ 30 ਸਾਲ ਦਾ ਸਮਾਂ ਹੈ। ਐਸ ਟੀ ਆਰ ਪ੍ਰਤੀ ਸਾਡਾ ਕੀ ਰੁਖ ਹੋਵੇ? ਇੰਟਰਨੈਸ਼ਨਲ ਮੀਟਿੰਗ ਵੀ ਇਸ ਚੈਲੇਂਜ ਨੂੰ ਕੰਪੀਟ ਕਰਨ ਲਈ ਕੋਈ ਦਾਅਪੇਚ ਨਹੀਂ ਬਣਾ ਸਕੀ। ਅੱਛਾ ਅਗਾਂਹ ਕੀ ਹੋਇਆ ਹੈ ਕਿ ਇਹਨਾਂ ਐਸ ਟੀ ਆਰ ਦੀਆਂ ਮਾਲਕ ਕੰਪਨੀਆਂ ਦੀ ਸਮੱਸਿਆ ਬਣ ਗਈ ਚੋਰੀ ਦੀ। ਤਾਂ ਉਹਨਾਂ ਨੇ ਨਵੇਂ ਨਿਯਮ ਬਣਾਏ। 'ਡੰਕਲ ਪ੍ਰਪੋਜ਼ਲ' ਕਹਿੰਦੇ ਉਹਨਾਂ ਨੂੰ/ ਉਹਨਾਂ ਨੂੰ ਬਨਾਉਣ ਲਈ 9 ਰਾਉਂਡ ਲੱਗੇ/ਆਖਰ 1994 ਦੇ ਦਸੰਬਰ ਮਹੀਨੇ 125 ਦੇ ਲਗਭਗ ਮੁਲਕਾਂ ਨੇ ਇਸ ਉੱਤੇ ਮੋਹਰ ਲਗਾ ਦਿੱਤੀ। ਉਹਨਾਂ ਨੇ 10 ਸਾਲ ਦਾ ਪੀਰੀਅਡ ਦਿੱਤਾ। ਨਹੀਂ ਤਾਂ ਕਿਹਾ ਕਿ ਇਹ ਉਂਝ ਹੀ ਮੈਂਬਰ ਦੇਸ਼ਾਂ ਉੱਪਰ ਫੁੱਲ ਫਲੈਜ਼ਡ ਲਾਗੂ ਹੋ ਜਾਵੇਗਾ।
ਨਤੀਜਾ, ਕੁਲ ਫੈਕਟਸ ਦੇਖੋ-
ਦੁਨੀਆ ਦੀਆਂ 50 ਵੱਡੀਆਂ ਕੰਪਨੀਆਂ ਦੁਨੀਆਂ ਦੀ ਲੇਬਰ ਦਾ 5 ਫੀਸਦੀ ਯੂਜ਼ ਕਰਦੀਆਂ ਤੇ ਟੋਟਲ ਪ੍ਰੋਡਕਸ਼ਨ ਦਾ 25 ਫੀਸਦੀ ਪ੍ਰੋਡਿਉਸ ਕਰਦੀਆਂ ਹਨ। ਇਥੇ ਫੇਰ ਮੈਂ ਮਾਰਕਸ ਦੀ ਗੱਲ ਕਰ ਰਿਹਾ, ਜਿਹੜੀ ਉਹਨਾਂ ਥਿਊਰੀ ਆਫ ਵੈਲਿਉ ਦਿੱਤੀ, ਉਹ ਬਹੁਤ ਮਹੱਤਵਪੂਰਨ ਹੈ। ਜੇਕਰ ਉਹਨਾਂ ਇਹ ਡਿਟਰਮਨ ਨਾ ਕੀਤੀ ਹੁੰਦੀ ਤਾਂ ਉਹ ਥਿਊਰੀ ਆਫ ਸਰਪਲਸ ਵੈਲਿਊ ਕੱਢ ਹੀ ਨਾ ਪਾਉਂਦਾ। ਮਾਰਕਸ ਹੀ ਇਹ ਕਹਿੰਦਾ ਹੈ ਕਿ ਕੇਵਲ ਤੇ ਕੇਵਲ ਕਿਰਤ ਹੀ ਹੈ, ਜੋ ਮੁੱਲ ਸਿਰਜਦੀ ਹੈ। ਕਿਰਤੀ ਦੀ ਲੁੱਟ ਪ੍ਰੋਡਕਸ਼ਨ ਦੇ ਦੌਰਾਨ ਹੀ ਸ਼ੁਰੂ ਹੁੰਦੀ ਹੈ।
ਹੁਣ ਪੁਜ਼ੀਸ਼ਨ ਕੀ ਹੈ?
ਲੇਬਰ ਕਨਜ਼ਿਊਮ 'ਚ ਉਹ 25 ਫੀਸਦੀ ਪ੍ਰੋਡਕਸ਼ਨ ਵਾਸਤੇ 05 ਫੀਸਦੀ ਕਰਦੀਆਂ ਹਨ। ਹੁਣ 200 'ਚੋਂ ਇੱਕ ਬੰਦਾ ਯੂਜ਼ ਕਰ ਰਹੀਆਂ ਨੇ। ਜਿਹੜੀ ਚੀਜ਼ ਉਹ ਇੱਕ ਰੁਪਏ 'ਚ ਪੈਦਾ ਕਰਦੇ ਹਨ, ਬਾਕੀ ਉਸਨੂੰ 23 ਰੁਪਏ 'ਚ ਪੈਦਾ ਕਰ ਰਹੇ ਹਨ।
ਦੂਜਾ ਪਹਿਲੂ ਹੈ ਕਿ ਜਦੋਂ ਸਾਮਰਾਜ ਬਣਦਾ ਹੈ, ਜਿਹੜਾ 1910 ਤੋਂ  1915 'ਚ ਰੂਪ ਧਾਰਦੈ, 1914 'ਚ ਜੰਗ ਛੇੜ ਲੈਂਦਾ। ਇਹ ਇਕੱਲਾ ਜੰਗ ਦਾ ਰੂਪ ਹੀ ਨਹੀਂ ਹੈ। ਸਾਮਰਾਜ ਬਣਦਾ ਹੀ ਉਦੋਂ ਹੈ, ਜਦੋਂ ਫਾਇਨਾਂਸ ਕੈਪੀਟਲ ਅੱਗੇ ਆ ਜਾਂਦੀ ਹੈ। ਇਸ ਸਾਰੇ ਦੌਰ 'ਚ ਵਿੱਤੀ ਪੂੰਜੀ ਏਨਾ ਡੋਮੀਨੇਟ ਕਰਦੀ ਹੈ। ਇਸਨੂੰ ਲੈਨਿਨ ਤੋਂ ਸਿਵਾਏ ਕੋਈ ਬੇਹਤਰੀਨ ਢੰਗ ਨਾਲ ਸਮਝਾਉਣ ਦੇ ਕਾਬਲ ਹੈ ਹੀ ਨਹੀਂ। ਲੈਨਿਨ ਇਸਦਾ ਗੁਣ ਪੇਸ਼ ਕਰਦੇ ਹਨ ਕਿ ਇਹ ਵਧਣਾ ਬੰਦ ਨਹੀਂ ਕਰਦੀ। ਜਦੋਂ ਇਹ ਵਧਦੀ ਤੁਰੀ ਜਾਂਦੀ ਹੈ, ਅੱਜ ਦੁਨੀਆਂ 'ਚ ਪ੍ਰੋਡਕਸ਼ਨ ਕਰਨ ਵਾਲੇ ਲੋਕ ਉਹਨਾਂ ਦਾ ਆਪਣਾ 20 ਫੀਸਦੀ ਹੈ ਤੇ ਬਾਕੀ 80 ਫੀਸਦੀ ਫਾਇਨਾਂਸ ਹੈ। ਉਹ ਜਦੋਂ ਵਿਆਜ਼ ਦੇਣਾ ਹੀ ਪੈਂਦਾ ਹੈ, ਉਹ ਸਾਰੀ ਮਲਾਈ ਲਾਹ ਕੇ ਲੈ ਜਾਂਦੇ ਹਨ।
ਇਹ ਇੱਕਲੇ ਵਰਲਡ ਬੈਂਕ ਜਾਂ ਦੇਸ਼ਾਂ ਦੇ ਕਰਜ਼ੇ 'ਚ ਹੀ ਨਹੀਂ। ਕੋਈ ਘਰ ਫਾਈਨਾਂਸ ਕੈਪੀਟਲ ਤੋਂ ਬਾਹਰ ਨਹੀਂ। ਉਹਨੇ ਇਹਦੇ ਕਰਜ਼ੇ ਲਾਹੁਣ ਲਈ ਕਈ ਘੰਟੇ ਕੰਮ ਕਰਨਾ ਹੈ। ਇਹਨੇ ਉਹਦੀ ਸਾਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਸਾਂਝਾ ਕਰਨ ਵਾਲਾ ਹੈ। ਕਿਉਂਕਿ ਇਹ ਸਾਰਾ ਕੁਝ ਗਲੋਬਲ ਹੈ। ਹੁਣ ਹੱਦਾਂ ਟੁੱਟ ਗਈਆਂ। ਹੁਣ ਇਹ ਸਾਰਾ ਉਸਦਾ ਕਲਚਰਲ ਮੁਹਾਜ ਹੈ, ਜਿਸਦੇ 'ਚ ਸਾਰਾ ਵਾਤਾਵਰਣ ਬਣਾ ਦਿੱਤਾ। ਹੁਣ ਇਹ ਆਪਣੀ ਚਰਮ ਸੀਮਾਂ ਤੱਕ ਪਹੁੰਚ ਗਈ। ਹੁਣ ਇਹ ਫਾਇਨਾਂਸ ਕੈਪੀਟਲ ਹੀ ਸੰਕਟ 'ਚ ਚਲੇ ਗਈ। ਇਹ ਐਲ ਪੀ ਜੀ ੁਦੀ ਪ੍ਰੋਡਕਟ ਹੈ। ਇਸਦਾ ਮਤਲਬ ਹੈ ਐਂਟੀ ਲੇਬਰ, ਕੈਪੀਟਲ ਦੀ ਪ੍ਰਾਈਵੇਟਾਈਜੇਸ਼ਨ ਅਤੇ ਲੈਵਲ ਗਲੋਬਲ।
ਇੱਥੇ ਇੱਕ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਇਹ ਕਾਬਜ਼ ਕਿਸ ਥਾਂ ਹੁੰਦੇ ਹਨ। ਇਸਨੂੰ ਕਿਹੜੇ ਖੇਤਰ ਮਿਲਣ। ਇਨਫ੍ਰਾਸਟਰਕਚਰ 'ਤੇ ਕਰ ਰਿਹਾ ਹੈ, ਸਾਡੀ ਰਿਟੇਲ 'ਤੇ ਕਬਜ਼ਾ ਕਰ ਰਿਹਾ ਹੈ।
- ਮੈਨੂੰ ਲਗਦਾ ਕਿ ਇਸ ਸਾਰੇ ਪਸਾਰੇ ਨੂੰ ਸਾਨੂੰ ਕਲਚਰਲ ਆਸਪੈਕਟ ਤੋਂ ਵੀ ਵੇਖਣ ਦੀ ਲੋੜ ਹੈ। ਵੱਧ ਮਾਰ ਸਾਨੂੰ ਉੱਥੇ ਪੈ ਰਹੀ ਹੈ। ਇਹ ਡੂੰਘਾ ਵਿਸ਼ਾ ਹੈ, ਸੱਭਿਆਚਾਰ ਵਾਲਾ।
ਜਗਰੂਪ- ਮੇਰਾ ਇੱਥੇ ਇੱਕ ਵਖਰੇਵਾਂ ਹੈ। ਮੇਰੀ ਧਾਰਨਾ 'ਚ ਜੋ ਕਲਚਰ ਹੈ, ਇਹ ਸੋਚ ਤੇ ਅਮਲ ਦਾ ਜੋੜ ਹੈ- ਸੱਭਿਆਚਾਰ। ਬੰਦੇ ਦੀ ਸੋਚ ਪਦਾਰਥਕ ਹਾਲਤਾਂ 'ਚੋਂ ਡਿਵੈਲਪ ਹੁੰਦੀ ਹੈ। ਉਹ ਕੰਸਟਰਾਡਕਟਰੀ ਹੁੰਦੀਆਂ ਹਨ। ਉਹ ਦੋਵਾਂ ਦੇ ਹਿੱਤ ਪੂਰਦੀਆਂ ਨੇ। ਇੱਕ ਪਾਸੇ ਲੁਟੇਰੇ ਨੇ ਤੇ ਦੂਜੇ ਪਾਸੇ ਲੁੱਟੇ ਜਾਣ ਵਾਲੇ। ਲੁਟੇਰੇ ਭਾਰੂ ਹੋ ਰਹੇ ਹਨ। ਉਹ ਇਸ ਕਰਕੇ ਵੀ ਭਾਰੂ ਹੋ ਰਹੇ ਹਨ, ਕਿਉਂਕਿ ਸੋਚ ਵਿਕਸਤ ਕਰਨ ਵਾਲੇ ਸੋਮਿਆਂ 'ਤੇ ਉਹਨਾ ਦਾ ਕਬਜ਼ਾ ਹੈ। ਦੇਖ ਲਵੋ-
- ਸਾਡੀਆਂ ਪਾਠ ਪੁਸਤਕਾਂ ਦੇ ਸਿਲੇਬਸ ਉਹ ਤਿਆਰ ਕਰਦੇ ਹਨ।
- ਬੱਚਾ ਟੀਚਰ ਨੂੰ ਫਾਲੋ ਕਰਦਾ ਹੈ, ਨਾ ਕਿ ਮਾਪਿਆਂ ਨੂੰ।
-  ਸਾਡੇ ਸੱਭਿਆਚਾਰ 'ਤੇ ਹਮਲਾ ਹੈ ਤੇ ਉਹੀ ਚੌਮੁਖੀ ਹੈ। ਉਹ ਫਿਲਾਸਫੀਕਲ ਵੀ ਹੈ। ਵਿਚਾਰਧਾਰਕ ਵੀ। ਸੰਗਠਨਾਤਮਕ ਵੀ ਹੈ। ਉਹ ਟੋਟਲ ਦੀ ਰਾਉਂਡ ਇੰਟਰਪਟੇਸ਼ਨ 'ਤੇ ਵੀ ਹੈ। ਇਫੈਕਟ ਜੋ ਹੈ, ਉਹ ਦੁਵੱਲਾ ਹੈ। ਇਸ ਕਰਕੇ ਜਿਹੜੀ ਜਮਾਤ ਦਾ ਸੱਭਿਆਚਾਰ ਉਹ ਫੈਲਾਅ ਰਹੇ ਹਨ, ਉਹ ਭਾੜੇ 'ਤੇ ਬੰਦਾ ਖਰੀਦ ਕੇ ਕੰਮ ਚਲਾ ਲੈਂਦੇ ਹਨ। ਐਨ ਜੀ ਓਜ਼ ਕੰਮ ਕਰ ਰਹੀਆਂ ਨੇ। ਸਾਡੇ ਸਾਰੇ ਵਿਗਿਆਨੀ/ਸਾਹਿਤਕਾਰ/ਸਮਾਜ ਵਿਗਿਆਨੀ ਜਾਂ ਹੋਰ ਸਭ ਜਿਣਸ ਬਣ ਚੁਕੇ ਹਨ। ਉਹ ਰਾਜਨੀਤੀ/ਆਰਥਿਕਤਾ/ਬੌਧਿਕ ਵਸੀਲਿਆਂ 'ਤੇ ਵੀ ਕਾਬਜ਼ ਹੋ ਚੁਕੇ ਹਨ। ਉਦੋਂ ਸੱਭਿਆਚਾਰ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

******

ਕਾਮਰੇਡ ਜਗਰੂਪ ਦੀਆਂ ਲਿਖਤਾਂ ਦੇ ਕੁਝ ਟੁਕੜੇ-

ਪੂੰਜੀਵਾਦ ਵਿਰੁੱਧ ਸੰਗਰਾਮ, ਇਨਕਲਾਬ ਦਾ ਹੋਕਾ, ਸਮਾਜਵਾਦ ਦੀ ਉਸਾਰੀ ਰਾਹੀਂ ਸੰਸਾਰ ਦੇ ਸੱਭੇ ਲੋਕਾਂ ਲਈ ਕਮਿਊਨਿਜ਼ਮ ਦੀ ਪ੍ਰਾਪਤੀ ਲਈ ਹੈ। ਫਲਸਫੇ ਦੀ ਰੌਸ਼ਨੀ, ਰਾਜਨੀਤਕ ਆਰਥਿਕਤਾ ਦਾ ਤਜਰਬਾ, 'ਆਧਾਰ ਉਸਾਰ ਨੂੰ ਜਨਮ ਦਿੰਦਾ ਹੈ, ਉਸਾਰ ਆਧਾਰ ਉਪਰ ਅਸਰ ਕਰਦਾ ਹੈ।' ਚੇਤਨ ਅਤੇ ਸਵੈ-ਚੇਤਨਤਾ ਰਾਹੀਂ ਅਗਾਂਹ ਵਧੂ ਵਰਗ ਅਮਲ ਕਰਦਾ ਹੈ। ਇਸ ਸੰਗਰਾਮ ਵਿੱਚ ਅਮਲ ਦੌਰਾਨ ਜਾਣਕਾਰੀ ਦੀਆਂ ਇਤਿਹਾਸਕ ਘਾਟਾਂ (ਨਵਾਂ ਹੋਣ ਕਾਰਨ ਤਜਰਬੇ ਦੀਆਂ ਘਾਟਾਂ) ਗਲਤੀਆਂ ਦੀ ਗੁੰਜਾਇਸ਼ ਰੱਖਦੀਆਂ ਹਨ। ਕਿਉਂਕਿ ਮਨੁੱਖ ਜਾਤੀ ਦੇ ਲੱਖਾਂ ਸਾਲ ਲੰਬੇ ਇਤਿਹਾਸ ਵਿੱਚ ਇਸ ਦੀ ਉਮਰ ਕੁਲ ਮਿਲਾ ਕੇ ਬਹੁਤ ਛੋਟੀ (150 ਵਰ੍ਹੇ) ਹੈ। ਵਿਗਿਆਨਕ ਕਮਿਊਨਿਜਮ ਦਾ ਸੰਗਰਾਮ ਕੋਈ ਆਸਾਨ ਸੰਗਰਾਮ ਨਹੀਂ, ਨਾਲ ਹੀ ਮਨੁੱਖ ਜਾਤੀ ਅੱਗੇ ਦੂਜਾ ਕੋਈ ਰਸਤਾ ਵੀ ਨਹੀਂ। ਮਾਰਕਸ ਦੇ ਆਪਣੇ ਸ਼ਬਦਾਂ ਵਿਚ 'ਵਿਗਿਆਨ ਦਾ ਕੋਈ ਸਿੱਧਾ ਪੱਧਰਾ ਸ਼ਾਹੀ ਰਾਹ ਨਹੀਂ ਹੁੰਦਾ, ਇਸ ਦੀਆਂ ਰੌਸ਼ਨ ਉਚਾਈਆਂ ਤੇ ਕੇਵਲ ਉਹੀ ਪੁੱਜਦੇ ਹਨ ਜੋ ਇਸ ਦੀਆਂ ਢਲਾਣੀ ਤੇ ਥਕਾ ਦੇਣ ਵਾਲੀਆਂ ਚੜ੍ਹਾਈਆਂ ਤੋਂ ਨਹੀਂ ਡਰਦੇ।'
ਮਾਰਕਸ ਦੀ ਜ਼ਿੰਦਗੀ ਵਿਚ 1871 ਦੀ 'ਪੈਰਿਸ ਕਮਿਊਨ' ਇਨਕਲਾਬ ਉੱਠਿਆ। ਮਾਰਕਸ ਦੇ ਏਗਲਜ਼ ਸਿਧਾਂਤ ਦੇ ਸਾਕਾਰ ਹੁੰਦੇ ਰੂਪ ਨੂੰ ਦੇਖ ਗਦਗਦ ਹੋ ਉੱਠੇ, ਭਾਵੇਂ ਖਾਮੀਆਂ ਵੀ ਇਸਦੀਆਂ ਸਨ। ਉਨ੍ਹਾਂ ਲਿਖਿਆ, 'ਅਸੀਂ ਫਰਾਂਸ ਵਿੱਚ ਗਣਰਾਜ ਦੀ ਸਥਾਪਤੀ ਦਾ ਸਵਾਗਤ ਕਰਦੇ ਹਾਂ ਪਰ ਇਹਦੇ ਸਾਨੂੰ ਕੁਝ ਤੌਖਲੇ ਵੀ ਹਨ' ਮਨੁੱਖ ਜਾਤੀ, ਖਾਸ ਤੌਰ ਤੇ ਲਹਿਰ ਦੇ ਵਾਰਸ ਜਾਣਦੇ ਹਨ ਕਿ 73 ਦਿਨਾਂ ਪਿਛੋਂ ਇਹਦਾ ਅੰਤ ਹੋ ਗਿਆ ਤੇ ਇਸ ਹਾਰ ਤੋਂ ਮਾਰਕਸ ਤੇ ਏਂਗਲਜ਼ ਨੇ ਵੱਡੇ ਦੁੱਖ ਨਾਲ ਇਸ ਦੀ ਇਤਿਹਾਸਕ ਮਹੱਤਤਾ ਉਜਾਗਰ ਕੀਤੀ ਅਤੇ ਅੱਗੋਂ ਸੰਗਰਾਮ ਲਈ ਸਬਕ ਕੱਢੇ। ਇਹ ਸਬਕ ਸਮਾਜਵਾਦ ਦੀ ਉਸਾਰੀ ਲਈ ਉਦੋਂ ਤੋਂ ਹੀ, ਸਦੀਵੀਂ ਮਹੱਤਤਾ ਵਾਲੇ ਹਨ। ਸਥਾਪਤ ਹੋਇਆ, 'ਲੁੱਟ ਖੋਹਾਂ ਅਤੇ ਜਬਰ ਤੋਂ ਕਿਰਤੀ ਲੋਕਾਂ ਦੀ ਬੰਦਖਲਾਸੀ ਵਿਗਿਆਨਕ ਪ੍ਰੋਗਰਾਮ ਨਾਲ ਲੈਸ ਇਕ ਇਨਕਲਾਬੀ ਪਾਰਟੀ ਤੋਂ ਬਿਨਾਂ ਸੰਭਵ ਨਹੀਂ।' ਇਹ ਕਥਨ ਬਣ ਗਿਆ ਕਿ-
'ਇਨਕਲਾਬੀ ਸਿਧਾਂਤ ਬਿਨਾਂ ਇਨਕਲਾਬੀ ਪਾਰਟੀ ਨਹੀਂ ਹੋ ਸਕਦੀ ਇਨਕਲਾਬੀ ਪਾਰਟੀ ਬਿਨਾਂ ਇਨਕਲਾਬ ਨਹੀਂ ਹੋ ਸਕਦਾ।'
ਇਹ ਸਿਧਾਂਤ ਅਤੇ ਅਸਲ ਵਿਰੋਧ-ਵਿਕਾਸ ਹੈ। ਮਾਰਕਸ ਦੀ ਮੌਤ () ਤੇ ਏਂਗਲਜ਼ ਨੇ ਕਿਹਾ, 'ਮਨੁੱਖ ਜਾਤੀ ਇੱਕ ਦਿਮਾਗ ਗੁਆ ਬੈਠੀ ਹੈ ਤੇ ਉਹ ਸਾਡੇ ਸਮੇਂ ਦਾ ਸਭ ਤੋਂ ਮਹਾਨ ਦਿਮਾਗ ਸੀ। ਪੋਲਤਾਰੀ ਦੀ ਲਹਿਰ ਜਾਰੀ ਹੈ ਪਰ ਉਹ ਕੇਂਦਰੀ ਨੁਕਤਾ ਨਹੀਂ ਰਿਹਾ, ਜਿਹਦੇ ਵੱਲ ਫਰਾਂਸੀਸੀ, ਰੂਸੀ, ਅਮਰੀਕੀ ਤੇ ਜਰਮਨ ਫੈਸਲਾਕੁੰਨ ਮੌਕਿਆਂ ਉੱਤੇ ਸਦਾ ਸਪੱਸ਼ਟ ਨਿਰਵਿਵਾਦ ਸਲਾਹ ਲੈਣ ਲਈ ਮੁੜਦੇ ਸਨ ਜਿਹੜੀ ਸਿਰਫ ਪ੍ਰਤਿਭਾਵਾਨ ਅਤੇ ਸਥਿਤੀ ਦੇ ਬੇਓੜਕ ਗਿਆਨ ਵਾਲਾ ਹੀ ਦੇ ਸਕਦਾ ਹੈ ਅੰਤਿਮ ਜਿੱਤ ਯਕੀਨੀ ਹੈ, ਪਰ ਮੋੜ-ਘੋੜ ਅਸਥਾਈ ਤੇ ਸਥਾਨਕ ਗਲਤੀਆਂ ਜਿਹੜੀਆਂ ਕਿਸੇ ਵੀ ਸੂਰਤ ਵਿੱਚ ਹੋ ਜਾਂਦੀਆਂ ਹਨ ਹੁਣ ਕਿਤੇ ਆਮ ਤੌਰ ਉੱਤੇ ਵਾਪਰਨਗੀਆਂ, ਖੈਰ, ਅਸੀਂ ਇਹਨੂੰ ਸਿਰੇ ਚਾੜ੍ਹਨਾ ਹੈ ਹੋਰ ਅਸੀਂ ਏਥੇ ਕਾਹਦੇ ਵਾਸਤੇ ਹਾਂ।'

******
ਕਲਪਨਾ ਕਰੋ— ਜੇ ਅਮਰੀਕਾ ਦੀ ਸਮਾਜਵਾਦੀ ਲਹਿਰ 30 ਫੀਸਦੀ ਕੰਮ ਦਿਹਾੜੀ ਛੋਟੀ ਕਰਨ ਦਾ ਨਾਅਰਾ ਬੁਲੰਦ ਕਰੇ ਤਾਂ ਅਮਰੀਕਾ ਅੰਦਰ ਸਾਰੇ ਸਰਮਾਏਦਾਰ ਇੱਕ ਮੋਰਚਾ ਬਣਾ ਕੇ ਵਿਰੋਧ ਕਰਨਗੇ ਅਤੇ ਦੂਜੇ ਪਾਸੇ ਸਮਾਜਵਾਦੀ ਲਹਿਰ ਨਾਲ 41 ਫੀਸਦੀ ਵਾਧੂ ਕਾਮੇ ਤੋਂ ਇਲਾਵਾ ਕੰਮ ਵਿਚ ਸੜ ਰਹੇ ਕਿਰਤੀ, ਜਿਨ੍ਹਾਂ ਕੋਲ ਜੇ ਕਿਸੇ ਚੀਜ਼ ਦੀ ਸਭ ਤੋਂ ਵਧੇਰੇ ਕਮੀ ਹੈ  ਤਾਂ ਉਹ ਹੈ ਸਮਾਂ। ਉਨ੍ਹਾਂ ਨੂੰ 30 ਫੀਸਦੀ ਕੰਮ ਦਿਹਾੜੀ ਘੱਟਣ ਨਾਲ, 30 ਫੀਸਦੀ ਸਮੇਂ ਦੀ ਬੱਚਤ ਹੋਵੇਗੀ। ਇਸ ਤਰ੍ਹਾਂ ਇਹ ਦੋਵੇਂ (ਕਾਮਾ+ਵਾਧੂ ਕਾਮਾ) ਜੁੜ ਕੇ ਹੀ, ਸਮਾਜਵਾਦੀ ਲਹਿਰ, ਬਹੁ-ਗਿਣਤੀ ਲਹਿਰ ਹੋਣ ਕਾਰਨ, ਅੱਜ ਦੇ ਜਮਹੂਰੀ ਯੁੱਗ ਵਿੱਚ ਸਿਆਸਤ, ਕਾਨੂੰਨ, ਧਰਮ, ਇਖ਼ਲਾਕ ਨੂੰ ਬਦਲ ਕੇ ਰੱਖ ਦੇਖਣਗੇ। ਇਸੇ ਨੂੰ ਜਦੋਂ ਇਸਦਾ ਸਾਹਿਤਕਾਰ ਚਿਤਰੇਗਾ ਤਾਂ 'ਸਾਹਿਤ ਸਮਾਜ ਦਾ ਸ਼ੀਸ਼ਾ' ਹੋਣ ਕਾਰਨ ਅੱਜ ਦੇ ਅਮਰੀਕੀ ਸਹਿਤ ਦੀ ਥਾਂ ਸਮਾਜਵਾਦੀ ਸਾਹਿਤ ਹੋਵੇਗਾ।